ਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ) । ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ) । ਕੋਈ ਇਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਕਰਕੇ (ਪ੍ਰਭੂ) ਖਸਮ ਨਾਲੋਂ (ਪ੍ਰੀਤ) ਨਾ ਟੁੱਟ ਜਾਏ। (ਮਨੁੱਖਾ-ਜਨਮ ਪਾ ਕੇ) ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ।