ਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ) । (ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ) । (ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ। ਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ!