(ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੂੰ ਵਿਸਾਰ ਕੇ) ਜਗਤ (ਹਉਮੈ ਦੀ) ਕੈਦ ਵਿਚ ਹੈ, ਇਸ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ। ਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ, ਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ, (ਪਰ) ਇਹ ਉੱਚਾ ਆਚਰਨ ਤੇ ਉੱਚੀ ਵਿਚਾਰ ਗੁਰੂ ਤੋਂ ਹੀ ਮਿਲਦੇ ਹਨ। ਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ।